1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਦੋਸ਼ੀ ਪਾਏ ਜਾਣ ‘ਤੇ ਕਾਰ ਚੋਰਾਂ ਦੇ ਲਾਈਸੈਂਸ ਮੁਅੱਤਲ ਕਰੇਗੀ ਓਨਟੇਰਿਓ ਸਰਕਾਰ

ਪਹਿਲੇ ਅਪਰਾਧ ਲਈ 10 ਸਾਲਾਂ ਦੀ ਮੁਅੱਤਲੀ ਅਤੇ ਤੀਸਰੇ ਲਈ ਉਮਰ ਭਰ ਲਈ ਲਾਈਸੈਂਸ ਜ਼ਬਤ

ਓਨਟੇਰਿਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਬਮੀਤ ਸਰਕਾਰੀਆ

ਓਨਟੇਰਿਓ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਬਮੀਤ ਸਰਕਾਰੀਆ

ਤਸਵੀਰ: THE CANADIAN PRESS/Chris Young

RCI

ਪ੍ਰੀਮੀਅਰ ਡਗ ਫ਼ੋਰਡ ਦੀ ਸਰਕਾਰ ਸੂਬੇ ਵਿਚ ਕਾਰ ਚੋਰੀਆਂ ਨੂੰ ਨੱਥ ਪਾਉਣ ਲਈ ਨਵੇਂ ਕਦਮ ਚੁੱਕ ਰਹੀ ਹੈ।

ਫੋਰਡ ਸਰਕਾਰ ਹਿੰਸਾ, ਹਥਿਆਰ, ਤਾਕਤ ਦੀ ਵਰਤੋਂ, ਜਾਂ ਵਿੱਤੀ ਲਾਭ ਦੁਆਰਾ ਪ੍ਰੇਰਿਤ ਕਾਰ ਚੋਰੀ ਦੇ ਪਹਿਲੇ ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ ਡਰਾਈਵਰ ਦਾ ਲਾਈਸੈਂਸ 10 ਸਾਲ ਲਈ ਮੁਅੱਤਲ ਕਰੇਗੀ।

ਦੂਸਰੀ ਵਾਰੀ ਕਾਰ ਚੋਰੀ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ‘ਤੇ ਇਹ ਮੁਅੱਤਲੀ 15 ਸਾਲ ਹੋ ਸਕਦੀ ਹੈ ਅਤੇ ਤੀਸਰੀ ਵਾਰੀ ਦੋਸ਼ੀ ਪਾਏ ਜਾਣ ‘ਤੇ ਉਮਰ ਭਰ ਲਈ ਲਾਈਸੈਂਸ ਜ਼ਬਤ ਕੀਤਾ ਜਾਵੇਗਾ।

ਓਨਟੇਰਿਓ ਸਰਕਾਰ ਇਸ ਪ੍ਰਸਤਾਵ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਨੂੰਨ ਲਿਆਵੇਗੀ। ਵੀਰਵਾਰ ਨੂੰ ਇਸ ਬਾਬਤ ਬਿੱਲ ਪੇਸ਼ ਕੀਤਾ ਜਾਵੇਗਾ ਅਤੇ ਪੀਸੀ ਪਾਰਟੀ ਦੀ ਬਹੁਮਤ ਵਾਲੀ ਸੂਬਾਈ ਪਾਰਲੀਮੈਂਟ ਵਿਚ ਇਹ ਕਾਨੂੰਨ ਪਾਸ ਹੋਣਾ ਨਿਸ਼ਚਿਤ ਹੈ।

ਓਨਟੇਰਿਓ ਦੇ ਟ੍ਰਾਂਸਪੋਰਟ ਮੰਤਰੀ ਪ੍ਰਬਮੀਤ ਸਰਕਾਰੀਆ ਅਤੇ ਸੌਲਿਸਟਰ ਜਨਰਲ ਮਾਈਕਲ ਕਰਜ਼ਨਰ ਨੇ ਟੋਰੌਂਟੋ ਵਿੱਖੇ ਇੱਕ ਨਿਊਜ਼ ਕਾਨਫ਼੍ਰੰਸ ਵਿਚ ਉਕਤ ਨਵੇਂ ਪ੍ਰਸਤਾਵਾਂ ਦਾ ਐਲਾਨ ਕੀਤਾ।

ਸਰਕਾਰੀਆ ਨੇ ਕਿਹਾ, ਡਰਾਈਵਿੰਗ ਇੱਕ ਵਿਸ਼ੇਸ਼ ਸਹੂਲਤਹੈ, ਅਧਿਕਾਰ ਨਹੀਂ। ਜੇ ਤੁਸੀਂ ਆਪਣੇ ਖੁਦ ਦੇ ਲਾਪਰਵਾਹ ਲਾਭ ਲਈ ਕਮਿਊਨਿਟੀ ਦੇ ਹੋਰ ਮੈਂਬਰਾਂ ਨੂੰ ਬੇਸ਼ਰਮੀ ਨਾਲ ਸ਼ਿਕਾਰ ਬਣਾਉਂਦੇ ਹੋ, ਤਾਂ ਤੁਸੀਂ ਉਸ ਵਿਸ਼ੇਸ਼ ਸਹੂਲਤ ਨੂੰ ਗੁਆ ਦੇਵੋਗੇ

ਇਹ ਅਸਵੀਕਾਰਨਯੋਗ ਹੈ ਕਿ ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਆਪਣੇ ਵਾਹਨਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਗੈਸ ਭਰਨ ਜਾਂ ਡਰਾਈਵ-ਵੇਅ ਤੱਕ ‘ਤੇ ਆਪਣੇ ਆਲੇ-ਦੁਆਲੇ ਵੱਲ ਚੁਕੰਨੇ ਰਹਿਣਾ ਪੈ ਰਿਹਾ ਹੈ

ਇਹ ਕਾਨੂੰਨ ਸਟੰਟ ਡਰਾਈਵਿੰਗ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਵੀ ਸਖ਼ਤ ਸਜ਼ਾਵਾਂ ਪੇਸ਼ ਕਰਦਾ ਹੈ। ਕਿਸੇ ਸੜਲ 'ਤੇ ਪੋਸਟ ਕੀਤੀ ਸਪੀਡ ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ‘ਤੇ ਗੱਡੀ ਚਲਾਉਣ ਨੂੰ ਸਟੰਟ ਡਰਾਈਵਿੰਗ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਪਹਿਲੇ ਜੁਰਮ ਵਿਚ ਇੱਕ ਸਾਲ ਲਈ ਲਾਇਸੈਂਸ ਮੁਅੱਤਲ ਹੋਵੇਗਾ, ਦੂਸਰੇ ਲਈ ਤਿੰਨ ਸਾਲ ਅਤੇ ਤੀਸਰੀ ਵਾਰੀ ਦੋਸ਼ੀ ਪਾਏ ਜਾਣ ‘ਤੇ ਉਮਰ ਭਰ ਦੀ ਮੁਅੱਤਲੀ ਹੋ ਸਕਦੀ ਹੈ - ਜਿਸਨੂੰ ਕੁਝ ਖ਼ਾਸ ਸ਼ਰਤਾਂ ‘ਤੇ ਘਟਾਇਆ ਜਾ ਸਕਦਾ ਹੈ।

ਓਨਟੇਰਿਓ ਵਿਚ ਕਾਰ ਚੋਰੀਆਂ ਚ ਵਾਧਾ

ਬੀਮਾ ਕੰਪਨੀਆਂ ਦੇ ਅਨੁਸਾਰ, ਪਿਛਲੇ ਸਾਲ ਪਹਿਲੀ ਵਾਰੀ ਸੂਬੇ ਵਿੱਚ ਆਟੋ ਚੋਰੀ ਦੇ ਦਾਅਵੇ $1 ਬਿਲੀਅਨ ਤੋਂ ਵੱਧ ਗਏ ਸਨ। 2024 ਦੇ ਸ਼ੁਰੂਆਤੀ ਸੰਕੇਤ ਦੱਸਦੇ ਹਨ ਕਿ ਚੋਰੀ ਦੀ ਰਫ਼ਤਾਰ ਹੌਲੀ ਨਹੀਂ ਹੋਈ ਹੈ - ਓਪੀਪੀ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਸੱਤ ਹਫ਼ਤਿਆਂ ਦੇ ਦੌਰਾਨ ਲਗਭਗ 3,000 ਵਾਹਨ ਚੋਰੀ ਹੋਏ ਹਨ।

ਫ਼ੋਰਡ ਸਰਕਾਰ ਨੇ ਓਪੀਪੀ ਦੀ ਅਗਵਾਈ ਵਿੱਚ ਇੱਕ ਨਵੀਂ ਸੰਗਠਿਤ ਅਪਰਾਧ ਅਤੇ ਆਟੋ ਚੋਰੀ ਟਾਸਕ ਫੋਰਸ ਦੀ ਸਿਰਜਣਾ ਦੇ ਨਾਲ-ਨਾਲ ਇੱਕ ਵੱਡੀ ਆਟੋ ਚੋਰੀ ਪ੍ਰੌਸੀਕਿਊਸ਼ਨ ਟੀਮ ਲਈ ਤਿੰਨ ਸਾਲਾਂ ਵਿੱਚ $51 ਮਿਲੀਅਨ ਦੇਣ ਦਾ ਵਾਅਦਾ ਕੀਤਾ ਹੈ।

ਟੋਰੌਂਟੋ ਪੁਲਿਸ ਚੀਫ਼ ਮਾਇਰਨ ਡੈਮਕਿਊ ਨੇ ਮਾਰਚ ਵਿੱਚ ਕਿਹਾ ਸੀ ਕਿ 2023 ਵਿੱਚ ਸ਼ਹਿਰ ਵਿੱਚ 12,000 ਵਾਹਨ ਚੋਰੀ ਹੋਏ ਸਨ, ਜੋ ਲਗਭਗ ਹਰ 40 ਮਿੰਟ ਵਿੱਚ ਇੱਕ ਚੋਰੀ ਦੇ ਬਰਾਬਰ ਹੈ। ਸੂਬਾਈ ਅੰਕੜਿਆਂ ਦੇ ਅਨੁਸਾਰ, ਸ਼ਹਿਰ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਹਿੰਸਕ ਕਾਰਜੈਕਿੰਗ ਵਿੱਚ 78 ਪ੍ਰਤੀਸ਼ਤ ਵਾਧਾ ਹੋਇਆ ਹੈ।

ਇਸ ਦੌਰਾਨ, ਯੌਰਕ ਰੀਜਨਲ ਪੁਲਿਸ ਨੇ ਪਿਛਲੇ ਸਾਲ ਦੇ ਛੇ ਮਹੀਨਿਆਂ ਦੇ ਮੁਕਾਬਲੇ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਆਟੋ ਚੋਰੀ ਵਿੱਚ 82 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਫਰਵਰੀ ਵਿੱਚ ਇੱਕ ਰਾਸ਼ਟਰੀ ਆਟੋ ਚੋਰੀ ਸੰਮੇਲਨ ਦਾ ਆਯੋਜਨ ਕਰਵਾਇਆ ਸੀ, ਅਤੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਪਰਾਧ ਦਾ ਮੁਕਾਬਲਾ ਕਰਨ ਲਈ ਸਖ਼ਤ ਸਜ਼ਾਵਾਂ 'ਤੇ ਵਿਚਾਰ ਕਰ ਰਹੀ ਹੈ, ਪਰ ਸਜ਼ਾਵਾਂ ਵਿੱਚ ਕਿਸੇ ਤਬਦੀਲੀ ਦਾ ਐਲਾਨ ਨਹੀਂ ਕੀਤਾ ਹੈ।

ਕਰਜ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਫ਼ੈਡਰਲ ਸਰਕਾਰ ਨੂੰ ਆਟੋ ਚੋਰੀ ਲਈ ਇੱਕ ਘੱਟੋ-ਘੱਟ ਲਾਜ਼ਮੀ ਸਜ਼ਾ ਨਿਰਧਾਰਿਤ ਕਰਨ ਅਤੇ ਰੇਲ ਯਾਰਡਾਂ - ਖਾਸ ਤੌਰ 'ਤੇ ਮੌਂਟਰੀਅਲ ਦੀ ਬੰਦਰਗਾਹ 'ਤੇ ਕੰਟੇਨਰਾਂ ਦੀ ਜਾਂਚ ਨੂੰ ਵਧਾਉਣ ਲਈ ਆਖਿਆ ਹੈ।

ਸੰਗਠਿਤ ਅਪਰਾਧ ਸਮੂਹ ਅਕਸਰ ਓਨਟੇਰਿਓ ਵਿੱਚ ਚੋਰੀ ਕੀਤੇ ਵਾਹਨਾਂ ਨੂੰ ਅਫਰੀਕਾ ਅਤੇ ਮੱਧ ਪੂਰਬ ਦੇ ਬਾਜ਼ਾਰਾਂ ਵਿੱਚ ਭੇਜਦੇ ਹਨ।

ਮਾਈਕ ਕ੍ਰੌਲੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ -ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ