1. ਮੁੱਖ ਪੰਨਾ
  2. ਸਮਾਜ

ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ

‘ਸਿੱਖਾਂ ਦੇ ਅਧਿਕਾਰਾਂ ਲਈ ਖੜ੍ਹੇ ਰਹਾਂਗੇ’: ਜਸਟਿਨ ਟ੍ਰੂਡੋ

28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਨਗਰ ਕੀਰਤਨ ਵਿਚ ਸ਼ਾਮਲ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ।

28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਨਗਰ ਕੀਰਤਨ ਵਿਚ ਸ਼ਾਮਲ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ।

ਤਸਵੀਰ: The Canadian Press / Cole Burston

ਤਾਬਿਸ਼ ਨਕਵੀ

28 ਅਪ੍ਰੈਲ ਨੂੰ ਟੋਰੌਂਟੋ ਵਿਚ ਖ਼ਾਲਸਾ ਸਾਜਨਾ ਦਿਵਸ ਮਨਾਇਆ ਗਿਆ ਅਤੇ ਸਾਲਾਨਾ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।

ਓਨਟੇਰਿਓ ਸਿੱਖਸ ਐਂਡ ਗੁਰਦੁਆਰਾਜ਼ ਕੌਂਸਲ (ONGC) ਪਿਛਲੇ ਕਈ ਸਾਲਾਂ ਤੋਂ ਇਸ ਸਲਾਨਾ ਨਗਰ ਕੀਰਤਨ ਦਾ ਆਯੋਜਨ ਕਰਦੀ ਰਹੀ ਹੈ। ਇਹ ਨਗਰ ਕੀਰਤਨ ਕੈਨੇਡਾ ਦਾ ਤੀਸਰਾ ਸਭ ਤੋ ਵੱਡਾ ਨਗਰ ਕੀਰਤਨ ਹੁੰਦਾ ਹੈ। 

ਇਸ ਸਾਲ ਵੀ ਹਜ਼ਾਰਾਂ ਲੋਕਾਂ ਨੇ ਇਸ ਖ਼ਾਲਸਾ ਡੇਅ ਪਰੇਡ ਵਿਚ ਸ਼ਿਰਕਤ ਕੀਤੀ।

ਸਵੇਰੇ 9 ਵਜੇ CNE ਬੈਟਰ ਲਿਵਿੰਗ ਸੈਂਟਰ ਤੋਂ ਸਮਾਗਮ ਸ਼ੁਰੂ ਹੋਇਆ ਅਤੇ 1 ਵਜੇ ਪਰੇਡ  ਸ਼ੁਰੂ ਹੋਕੇ 3:30 ਵਜੇ ਨੇਥਨ ਫ਼ਿਲਿਪ ਸਕੇਅਰ ਪਹੁੰਚੀ। ਸ਼ਾਮੀਂ 6 ਵਜੇ ਤੱਕ ਸਮਾਗਮ ਚੱਲਿਆ।

ਸੰਗਤਾਂ ਵੱਲੋਂ ਲੰਗਰ ਵਰਤਾਇਆ ਗਿਆ ਅਤੇ ਸਿੱਖ ਭਾਈਚਾਰੇ ਦੇ ਕਈ ਮੈਂਬਰਾਂ ਨੇ ਗੱਤਕੇ ਦੇ ਵੀ ਜੌਹਰ ਦਿਖਾਏ।

ਇਸ ਪ੍ਰੋਗਰਾਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀ ਸ਼ਾਮਲ ਹੋਏ। ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਟ੍ਰੂਡੋ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਲਈ ਹਮੇਸ਼ਾ ਖੜ੍ਹੇ ਰਹਿਣਗੇ।

ਟ੍ਰੂਡੋ ਨੇ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸਦੀ ਵਿਭਿੰਨਤਾ ਹੈ ਅਤੇ ਕੈਨੇਡਾ ਵਖਰੇਵਿਆਂ ਦੇ ਬਾਵਜੂਦ ਨਹੀਂ ਸਗੋਂ ਵਖਰੇਵਿਆਂ ਦੇ ਕਾਰਨ ਮਜ਼ਬੂਤ ਹੈ। 

ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਜਿਵੇਂ ਸੱਚ, ਨਿਰਸਵਾਰਥ ਸੇਵਾ, ਹਮਦਰਦੀ, ਨਿਆਂ ਅਤੇ ਮਨੁੱਖੀ ਅਧਿਕਾਰ, ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ।

ਟ੍ਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਕਰੀਬ 8 ਲੱਖ ਸਿੱਖ ਭਾਈਚਾਰੇ ਦੇ ਲੋਕ ਵੱਸਦੇ ਹਨ ਅਤੇ ਉਹ ਭਾਈਚਾਰੇ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਿਣਗੇ ਤੇ ਨਫਰਤ ਤੇ ਵਿਤਕਰੇ ਦੇ ਵਿਰੁੱਧ ਭਾਈਚਾਰੇ ਦੀ ਰਾਖੀ ਕਰਨਗੇ।

ਟ੍ਰੂਡੋ ਨੇ ਕਿਹਾ, ਇਸ ਲਈ ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਨੂੰ ਵਧਾ ਰਹੇ ਹਾਂ। ਕਮਿਊਨਿਟੀ ਸੈਂਟਰਾਂ ਅਤੇ ਗੁਰਦੁਆਰਿਆਂ ਸਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਰਹੇ ਹਾਂ

ਉਨ੍ਹਾਂ ਕਿਹਾ ਕਿ ਭਾਈਚਾਰੇ ਨੂੰ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੇ ਪਾਲਣ ਦਾ ਅਧਿਕਾਰ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਕੈਨੇਡੀਅਨ ਚਾਰਟਰ ਔਫ਼ ਰਾਈਟਸ ਐਂਡ ਫ੍ਰੀਡਮ ਵਿੱਚ ਦਿੱਤਾ ਗਿਆ ਬੁਨਿਆਦੀ ਅਧਿਕਾਰ ਹੋਵੇ। ਅਸੀਂ ਤੁਹਾਡੇ ਨਾਲ ਖੜ੍ਹੇ ਰਹਾਂਗੇ

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਭਾਰਤ ਅਤੇ ਕੈਨੇਡਾ ਵਿੱਚ ਫਲਾਈਟਾਂ ਨੂੰ ਹੋਰ ਵਧਾਉਣਗੇ ਤੇ ਸਿੱਧੀਆਂ ਅੰਮ੍ਰਿਤਸਰ ਲਈ ਉਡਾਨਾਂ ਵੱਲ ਵੀ ਵੱਧ ਤਵੱਜੋ ਦਿੱਤੀ ਜਾਵੇਗੀ।

28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਪ੍ਰੋਗਰਾਮ ਵਿਚ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਭਾਸ਼ਣ ਦਿੰਦੇ ਹੋਏ।

28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਪ੍ਰੋਗਰਾਮ ਵਿਚ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਭਾਸ਼ਣ ਦਿੰਦੇ ਹੋਏ।

ਤਸਵੀਰ: The Canadian Press / Cole Burston

ਵਿਸਾਖੀ ਨਗਰ ਕੀਰਤਨ ਦੇ ਇਸ ਪ੍ਰੋਗਰਾਮ ਵਿਚ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਸ਼ਾਮਲ ਹੋਏ।

ਪੌਲੀਐਵ ਨੇ ਕਿਹਾ ਕਿ ਵਿਸਾਖੀ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਨੂੰ ਦਿੱਤੀਆਂ ਕਦਰਾਂ ਕੀਮਤਾਂ ਦਾ ਜਸ਼ਨ ਮਨਾਉਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਵੱਲੋਂ ਸਜਾਇਆ ਖ਼ਾਲਸਾ ਸੱਚਾਈ, ਈਮਾਨਦਾਰੀ, ਬਰਾਬਰਤਾ ਅਤੇ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਦੀ ਗੱਲ ਕਰਦਾ ਹੈ।

ਸੱਤਾਧਾਰੀ ਲਿਬਰਲਾਂ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦਿਆਂ ਪੌਲੀਐਵ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਕੈਨੇਡੀਅਨਜ਼ ਪ੍ਰੇਸ਼ਾਨੀਆਂ ਸਹਿ ਰਹੇ ਹਨ ਅਤੇ ਬਰਾਬਰਤਾ ਘਟਦੀ ਜਾ ਰਹੀ ਹੈ। ਪਰ ਉਨ੍ਹਾਂ ਕਿਹਾ ਕਿ ਹਮੇਸ਼ਾ ਨਾ ਇਸ ਤਰ੍ਹਾਂ ਸੀ ਅਤੇ ਨਾ ਹਮੇਸ਼ਾ ਇਸ ਤਰ੍ਹਾਂ ਰਹਿਣਾ ਹੈ।

ਐਨਡੀਪੀ ਲੀਡਰ ਜਗਮੀਤ ਸਿੰਘ 28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਪ੍ਰੋਗਰਾਮ ਵਿਚ ਹਾਜ਼ਰੀ ਭਰਦੇ ਹੋਏ।

ਐਨਡੀਪੀ ਲੀਡਰ ਜਗਮੀਤ ਸਿੰਘ 28 ਅਪ੍ਰੈਲ 2024 ਨੂੰ ਟੋਰੌਂਟੋ ਵਿੱਖੇ ਆਯੋਜਤ ਵਿਸਾਖੀ ਪ੍ਰੋਗਰਾਮ ਵਿਚ ਹਾਜ਼ਰੀ ਭਰਦੇ ਹੋਏ।

ਤਸਵੀਰ: The Canadian Press / Cole Burston

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਭਾਈਚਾਰੇ ਨੂੰ ਸੰਬੋਧਤ ਕਰਦਿਆਂ ਕਿਹਾ ਕਿ 1984 ਨੂੰ 40 ਸਾਲ ਬੀਤ ਗਏ ਹਨ।

ਐਨਡੀਪੀ ਨੇ 1984 ਦੇ ਕਤਲੇਆਮ ਨੂੰ ਇੱਕ ਸਰਕਾਰੀ ਸਮਰਥਨ ਨਾਲ ਕੀਤੀ ਨਸਲਕੁਸ਼ੀ ਵਜੋਂ ਕੈਨੇਡੀਅਨ ਪਾਰਲੀਮੈਂਟ ਵਿਚ ਰਸਮੀ ਤੌਰ 'ਤੇ ਮਾਨਤਾ ਦੇਣ ਦੀ ਮੰਗ ਕਰਨ ਵਾਲੀ ਇੱਕ ਮੁਹਿੰਮ (ਨਵੀਂ ਵਿੰਡੋ) ਸ਼ੁਰੂ ਕੀਤੀ ਹੋਈ ਹੈ। ਜਗਮੀਤ ਸਿੰਘ ਨੇ ਇਸ ਵਿਚ ਭਾਈਚਾਰੇ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

CBC News ਵੱਲੋਂ ਜਾਣਕਾਰੀ ਸਹਿਤ।
ਤਾਬਿਸ਼ ਨਕਵੀ

ਸੁਰਖੀਆਂ